|
ਰੁਚਿਕਾ ਮਾਮਲਾ : ਰਾਠੌਰ ਨੂੰ ਅੰਤਰਿਮ ਜ਼ਮਾਨਤ |
|
|
|
Tuesday, 26 January 2010 |
ਚੰਡੀਗੜ੍ਹ:- ਬਹੁਚਰਚਿਤ ਰੁਚਿਕਾ ਗਿਰਹੋਤਰਾ ਮਾਮਲੇ 'ਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਨੂੰ ਹਾਈਕੋਰਟ ਨੇ ਹਾਲ ਹੀ ਵਿਚ ਦਰਜ ਦੋ ਨਵੇਂ ਮਾਮਲਿਆਂ 'ਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸ਼ੈਸਨ ਅਦਾਲਤ ਤੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਰਾਠੌਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਆਪਣੇ ਵਿਰੁੱਧ ਹਾਲ ਹੀ ਵਿਚ ਰੁਚਿਕਾ ਮਾਮਲੇ 'ਚ ਦਰਜ ਦੋ ਨਵੇਂ ਕੇਸਾਂ ਲਈ ਜ਼ਮਾਨਤ ਦੀ ਅਰਜ਼ੀ ਲਗਾਈ ਸੀ। ਅੱਜ ਅਦਾਲਤ ਨੇ ਇਸ ਅਪੀਲ 'ਤੇ ਸੁਣਵਾਈ ਕਰਦਿਆਂ ਰਾਠੌਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਤੀਜੇ ਉਸ ਮਾਮਲੇ 'ਚ ਵੀ ਰਾਠੌਰ ਨੂੰ ਰਾਹਤ ਦਿੱਤੀ, ਜਿਸ ਵਿਚ ਉਸ 'ਤੇ ਰੁਚਿਕਾ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਲੱਗਾ ਸੀ। ਅਦਾਲਤ ਨੇ ਸੀ.ਬੀ.ਆਈ. ਨੂੰ ਕਿਹਾ ਕਿ ਰਾਠੌਰ ਨੂੰ ਗ੍ਰਿਫ਼ਤਾਰ ਕਰਨ ਤੋਂ ਚਾਰ ਦਿਨ ਪਹਿਲਾਂ ਉਸ ਨੂੰ ਨੋਟਿਸ ਦਿੱਤਾ ਜਾਵੇ। ਰਾਠੌਰ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ ਸੀ.ਬੀ.ਆਈ. ਵਲੋਂ ਜਾਂਚ ਤੋਂ ਬਾਅਦ ਅੰਤਿਮ ਰਿਪੋਰਟ ਦਾਖ਼ਲ ਕੀਤੇ ਜਾਣ ਤੋਂ ਬਾਅਦ ਹੋਵੇਗੀ। ਉਦੋਂ ਤੱਕ ਅੰਤਰਿਮ ਜ਼ਮਾਨਤ ਜਾਰੀ ਰਹੇਗੀ।
ਗੌਰਤਲਬ ਹੈ ਕਿ 12 ਅਗਸਤ 1990 ਨੂੰ ਰਾਠੌਰ ਨੇ
14 ਸਾਲਾ ਰੁਚਿਕਾ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ ਅਤੇ ਇਸ ਤੋਂ ਤਿੰਨ ਸਾਲ ਬਾਅਦ ਰੁਚਿਕਾ ਨੇ ਆਤਮ-ਹੱਤਿਆ ਕਰ ਲਈ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਦਿਨੀਂ ਰੁਚਿਕਾ ਮਾਮਲੇ 'ਚ ਰਾਠੌਰ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਸੀ, ਪਰ 19 ਮਿੰਟ ਦੇ ਅੰਦਰ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
|