|
Tuesday, 02 February 2010 |
|
ਰਵਿਦਾਸੀਆਂ ਵਲੋਂ ਵੱਖਰੇ ਧਰਮ, ਵੱਖਰੇ ਗ੍ਰੰਥ ਤੇ ਵੱਖਰੇ ਨਿਸ਼ਾਨ ਦਾ ਐਲਾਨ
'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਗ੍ਰੰਥ ਕਾਂਸ਼ੀ ਤੋਂ ਜਾਰੀ
ਜਲੰਧਰ:-ਭਗਤ ਰਵਿਦਾਸ ਜੀ ਦੇ 633 ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਕਾਂਸ਼ੀ ਵਿਖੇ ਰਵਿਦਾਸੀਆਂ ਵਲੋਂ ਆਪਣੇ ਵੱਖਰੇ ਧਰਮ, ਵੱਖਰੇ ਗ੍ਰੰਥ, ਵੱਖਰੇ ਨਿਸ਼ਾਨ, ਕੌਮ ਦੇ ਮਹਾਨ ਪਾਵਨ ਤੀਰਥ ਅਤੇ ਮੁੱਖ ਨਾਅਰੇ ਦਾ ਐਲਾਨ ਕਰ ਦਿੱਤਾ ਗਿਆ।
ਉਤਰ ਪ੍ਰਦੇਸ਼ ਦੇ ਬਨਾਰਸ ਜ਼ਿਲ੍ਹੇ ਵਿਚ ਕਾਂਸ਼ੀ ਵਿਖੇ ਇਕੱਤਰ ਹੋਈਆਂ ਸੰਗਤਾਂ ਦੇ ਸਨਮੁੱਖ ਇਹ ਐਲਾਨ ਕੀਤਾ ਗਿਆ ਕਿ ਰਵਿਦਾਸੀਆਂ ਵਿਚ ਹੁਣ ਕੋਈ ਆਦਿਧਰਮੀ ਜਾਂ ਹੋਰ ਨਾਂ ਨਾਲ ਨਹੀਂ ਪੁਕਾਰਿਆ ਜਾਵੇਗਾ, ਸਗੋਂ ਸਮੁੱਚੀ ਕੌਮ ਨੂੰ ਰਵਿਦਾਸੀ ਕੌਮ ਸੱਦਿਆ ਜਾਵੇਗਾ, ਪੜ੍ਹਿਆ ਤੇ ਲਿਖਿਆ ਜਾਵੇਗਾ। ਰਵਿਦਾਸੀਆ ਕੌਮ ਨੇ ਆਪਣਾ ਵੱਖਰਾ ਧਰਮ ਗ੍ਰੰਥ ਤਿਆਰ ਕੀਤਾ ਹੈ, ਜਿਸ ਵਿਚ ਕੇਵਲ ਗੁਰੂ ਰਵਿਦਾਸ ਜੀ ਦੀ ਬਾਣੀ ਹੀ ਸ਼ਾਮਲ ਕੀਤੀ ਗਈ ਹੈ। ਇਸ ਗ੍ਰੰਥ ਨੂੰ 'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਦਾ ਨਾਂ ਦਿੱਤਾ ਗਿਆ ਹੈ। ਰਵਿਦਾਸੀਆ ਕੌਮ ਦੇ ਇਸ ਗ੍ਰੰਥ ਨੂੰ ਸੰਗਤਾਂ ਦੀ ਇਕੱਤਰਤਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਅਤੇ ਟਰੱਸਟ ਦੇ ਚੇਅਰਮੈਨ ਸੰਤ ਨਿਰੰਜਣ ਦਾਸ ਨੇ ਜਾਰੀ ਕੀਤਾ। ਇਹ ਆਦੇਸ਼ ਕੀਤਾ ਗਿਆ ਹੈ ਕਿ ਰਵਿਦਾਸੀਆ ਕੌਮ ਨਾਲ ਸਬੰਧਤ ਗੁਰਦੁਆਰਿਆਂ ਅਤੇ
ਮੰਦਰਾਂ ਵਿਚ 'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਵੇ। ਰਵਿਦਾਸੀਆ ਕੌਮ ਨੇ ਆਪਣੇ ਵੱਖਰੇ ਨਿਸ਼ਾਨ ਬਾਰੇ ਵੀ ਫ਼ੈਸਲਾ ਕਰ ਲਿਆ ਹੈ ਜੋ 'ਹਰਿ' ਹੋਵੇਗਾ ਅਤੇ ਇਹ ਇਨ੍ਹਾਂ ਗੁਰਦੁਆਰਿਆਂ ਅਤੇ ਮੰਦਰਾਂ 'ਤੇ ਲੱਗਣ ਵਾਲੇ ਨਿਸ਼ਾਨ ਸਾਹਿਬਾਂ 'ਤੇ ਅੰਕਿਤ ਹੋਵੇਗਾ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਰਵਿਦਾਸੀਆ ਕੌਮ ਦਾ ਮੁੱਖ ਨਾਅਰਾ ਹੁਣ 'ਜੈ ਗੁਰੂਦੇਵ' ਹੋਵੇਗਾ ਅਤੇ ਇਹੀ ਆਪਸ ਵਿਚ ਇਕ-ਦੂਜੇ ਨੂੰ ਬੁਲਾਉਣ ਲਈ ਵਰਤਿਆ ਜਾਵੇਗਾ।
ਇਹ ਵੀ ਐਲਾਨ ਕੀਤਾ ਗਿਆ ਕਿ ਰਵਿਦਾਸੀਆ ਕੌਮ ਦਾ ਪਵਿੱਤਰ ਅਤੇ ਮਹਾਨ ਤੀਰਥ ਅਸਥਾਨ ਸੀਰ ਗੋਵਰਧਨਪੁਰ, ਕਾਂਸ਼ੀ, ਬਨਾਰਸ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਹੋਵੇਗਾ। ਇਸ ਮੰਦਰ ਦਾ ਸ਼ੁੱਭ ਆਰੰਭ ਕਰਦਿਆਂ ਇਸ ਨੂੰ ਸੋਨੇ ਨਾਲ ਮੜ੍ਹਨ ਦੇ ਕੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਡੇਰੇ ਸੱਚਖੰਡ ਬੱਲਾਂ ਤੋਂ ਸੁਰਿੰਦਰ ਦਾਸ ਬਾਵਾ, ਸੁਰਿੰਦਰ ਦਾਸ ਕਠਾਰ ਵਾਲੇ, ਕ੍ਰਿਸ਼ਨ ਨਾਥ ਚਹੇੜੂ ਵਾਲੇ ਅਤੇ ਅੰਮ੍ਰਿਤਸਰ ਸਥਿਤ ਵਾਲਮੀਕਿ ਆਸ਼ਰਮ ਦੇ ਸਵਾਮੀ ਪੂਰਨ ਨਾਥ ਸਮੇਤ ਸੰਤ ਸਮਾਜ ਦੇ ਬਹੁਤ ਸਾਰੇ ਪ੍ਰਤੀਨਿੱਧ, ਹੋਰ ਧਾਰਮਿਕ ਆਗੂ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਹਾਜ਼ਰ ਸਨ।
|