|
ਨਵਜੋਤ ਸਿੱਧੂ ਨੂੰ ਸੱਦਾ ਪੱਤਰ ਨਾ ਦੇਣ ਦਾ ਮਾਮਲਾ |
|
|
|
Tuesday, 02 February 2010 |
|
ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਡੀ.ਸੀ. ਪੰਨੂ ਨੂੰ ਕਲੀਨ ਚਿੱਟ
ਚੰਡੀਗੜ੍ਹ:-ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੂੰ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਵਿੱਤ ਕਮਿਸ਼ਨਰ (ਵਿਕਾਸ) ਨਵਰੀਤ ਸਿੰਘ ਕੰਗ ਵਲੋਂ ਮੁੱਖ ਸਕੱਤਰ ਸੁਬੋਧ ਅਗਰਵਾਲ ਨੂੰ ਸੌਂਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅੰਮ੍ਰਿਤਸਰ ਫੇਰੀ ਦੌਰਾਨ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜੇ ਜਾਣ ਦੇ ਮਾਮਲੇ ਵਿਚ ਕਿਸੇ ਕਿਸਮ ਦੀ ਅਣਗਹਿਲੀ ਜਾਂ ਕੋਤਾਹੀ ਨਹੀਂ ਵਰਤੀ ਗਈ।ਸੂਤਰਾਂ ਮੁਤਾਬਕ ਜਾਂਚ ਰਿਪੋਰਟ ਵਿਚ ਸਕੱਤਰੇਤ ਵਲੋਂ ਸੱਦਾ ਭੇਜੇ ਜਾਣ ਦੀ ਵਿਧੀ ਵਿਚ ਨੁਕਸ ਕੱਢਿਆ ਗਿਆ ਹੈ। ਇਸ ਸੀਨੀਅਰ ਆਈ ਏ ਐਸ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਸਕੱਤਰੇਤ ਵੱਲੋਂ ਉਕਤ ਸੰਸਦ ਮੈਂਬਰ ਨੂੰ ਸਮਾਗਮ ਵਿਚ ਜਿਸ ਤਰ੍ਹਾਂ ਸੱਦਾ ਪੱਤਰ ਭੇਜਿਆ ਗਿਆ ਹੈ ਉਹ ਤਰੀਕਾ ਵੀ ਠੀਕ ਨਹੀਂ ਸੀ ਲੋਕ ਨੁਮਾਇੰਦੇ ਨੂੰ ਅਹਿਮ ਸਮਾਗਮ ਵਿਚ ਸ਼ਿਰਕਤ ਕਰਨ ਲਈ ਸੱਦਣ ਲਈ ਉਚਿਤ ਵਿਧੀ ਅਪਨਾਉਣੀ ਚਾਹੀਦੀ ਹੈ।
ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ 'ਤੇ ਸੱਦਾ ਪੱਤਰ ਨਾ ਭੇਜੇ ਜਾਣ ਅਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਮੁੱਖ ਸਕੱਤਰ ਐਸ ਸੀ ਅਗਰਵਾਲ ਵਲੋਂ ਵਿੱਤ ਕਮਿਸ਼ਨਰ (ਵਿਕਾਸ) ਐਨ ਐਸ ਕੰਗ ਨੂੰ ਸੱਦਾ ਪੱਤਰ ਭੇਜੇ ਜਾਣ ਦੇ ਮਾਮਲੇ ਵਿਚ ਜਾਂਚ ਦੇ
ਆਦੇਸ਼ ਦਿੱਤੇ ਸਨ। ਜਾਂਚ ਅਧਿਕਾਰੀ ਵਲੋਂ ਪੜਤਾਲ ਦੌਰਾਨ ਦੇਖਿਆ ਗਿਆ ਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਸਕੱਤਰ ਦਫਤਰ ਵਲੋਂ ਸਿੱਧੇ ਤੌਰ 'ਤੇ ਸੱਦਾ ਪੱਤਰ ਭੇਜੇ ਗਏ ਸਨ ਜਦੋਂ ਕਿ ਇਸ ਇਲਾਕੇ ਦੇ ਵਿਧਾਇਕਾਂ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਸੱਦਾ ਪੱਤਰ ਭੇਜੇ ਗਏ। ਜਾਂਚ ਅਧਿਕਾਰੀ ਵਲੋਂ ਸਾਰੇ ਸਰਕਾਰੀ ਰਿਕਾਰਡ ਦੀ ਘੋਖ ਕੀਤੀ ਗਈ ਅਤੇ ਕਈ ਵਿਅਕਤੀਆਂ ਦੇ ਬਿਆਨ ਵੀ ਲਏ ਗਏ। ਸੂਤਰਾਂ ਦਾ ਇਹ ਦੱਸਣਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਅਤੇ ਸੰਸਦ ਮੈਂਬਰ ਸ੍ਰੀ ਅਜਨਾਲਾ ਨੇ ਸੱਦਾ ਪੱਤਰ ਮਿਲਣ ਦੀ ਗੱਲ ਕਬੂਲ ਕੀਤੀ ਜਦੋਂ ਕਿ ਸ੍ਰੀ ਸਿੱਧੂ ਨੇ ਸੱਦਾ ਪੱਤਰ ਨਾ ਭੇਜੇ ਜਾਣ ਦੇ ਦੋਸ਼ ਲਗਾਏ ਸਨ।
ਸ੍ਰੀ ਕੰਗ ਨੇ ਗੱਲਬਾਤ ਦੌਰਾਨ ਰਿਪੋਰਟ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦਾ ਇਸ ਮਾਮਲੇ ਵਿਚ ਕੋਈ ਦੋਸ਼ ਸਾਹਮਣੇ ਨਹੀਂ ਆਇਆ। ਵਿੱਤ ਕਮਿਸ਼ਨਰ (ਵਿਕਾਸ) ਵੱਲੋਂ ਆਪਣੀ ਰਿਪੋਰਟ ਵਿਚ ਡਿਪਟੀ ਕਮਿਸ਼ਨਰ ਨੂੰ ਕਲੀਨ ਚਿੱਟ ਦੇਣ ਨਾਲ ਵੱਡੀ ਰਾਹਤ ਮਿਲ ਗਈ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਇਸ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਨੇ ਲੋਕ ਪ੍ਰਤੀਨਿਧ ਦੀ ਤੌਹੀਨ ਕੀਤੀ ਹੈ। ਪਾਰਲੀਮੈਂਟ ਵਿਚ ਇਹ ਮਾਮਲਾ ਅਜੇ ਬਕਾਇਆ ਪਿਆ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਡਿਪਟੀ ਕਮਿਸ਼ਨਰ 'ਤੇ ਸੱਦਾ ਨਾ ਭੇਜੇ ਜਾਣ ਅਤੇ ਉਹਨਾਂ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਦਰਬਾਰ ਸਾਹਿਬ ਵਿਚ ਫੇਰੀ ਦੌਰਾਨ ਉਹਨਾਂ ਤੋਂ 200 ਫੁੱਟ ਦੂਰ ਰਹਿਣ ਲਈ ਕਹੇ ਜਾਣ ਦੇ ਦੋਸ਼ ਲਾਏ ਸਨ। ਜਦੋਂ ਕਿ ਸ੍ਰੀ ਪੰਨੂ ਨੇ ਨਵਜੋਤ ਸਿੰਘ ਸਿੱਧੂ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸੱਦਾ ਪੱਤਰ ਸਰਕਾਰ ਦੇ ਪੱਧਰ 'ਤੇ ਹੀ ਭੇਜੇ ਗਏ ਸਨ।
|