|
ਸ਼੍ਰੋਮਣੀ ਕਮੇਟੀ ਵਲੋਂ ਵਿਦੇਸ਼ਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਦੀ ਪੇਸ਼ਕਸ਼ |
|
|
|
Saturday, 13 February 2010 |
ਪਰਵਾਸੀ ਸਿੱਖ ਸਹਿਯੋਗ ਦੇਣ ਤਾਂ ਸ਼੍ਰੋਮਣੀ ਕਮੇਟੀ ਵਿਦੇਸ਼ਾਂ 'ਚ ਵੀ ਪਾਵਨ ਸਰੂਪਾਂ ਦੇ ਛਾਪੇਖਾਨੇ ਖੋਲ੍ਹੇਗੀ : ਜਥੇਦਾਰ ਮੱਕੜ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸ਼ੁਰੂ ਕਰਨ ਲਈ ਪਰਵਾਸੀ ਸਿੱਖਾਂ ਨੂੰ ਪੇਸ਼ਕਸ਼ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਜੇਕਰ ਪਰਵਾਸੀ ਸਿੱਖ ਕਿਸੇ ਵੀ ਦੇਸ਼ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈਸ ਸਥਾਪਤ ਕਰਨ ਲਈ ਲੋੜੀਂਦੀ ਜਗ੍ਹਾ ਤੇ ਹੋਰ ਢਾਂਚਾ ਮੁਹੱਈਆ ਕਰਵਾ ਦੇਣ ਤਾਂ ਸ਼੍ਰੋਮਣੀ ਕਮੇਟੀ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਦਾ ਕੰਮ ਸ਼ੁਰੂ ਕਰ ਦੇਵੇਗੀ। ਸ਼੍ਰੋਮਣੀ ਕਮੇਟੀ ਨੇ ਇਹ ਪੇਸ਼ਕਸ਼ ਵਿਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮੰਗ ਨੂੰ ਦੇਖਦਿਆਂ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵਿਦੇਸ਼ਾਂ ਵਿਚ ਮੰਗ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੰਜਾਬ ਤੋਂ ਭੇਜੇ ਜਾਂਦੇ ਹਨ, ਪਰ ਇਸ ਦੌਰਾਨ ਮਰਿਆਦਾ ਵਿਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਪਿਛੇ ਜਿਹੇ ਕੁਝ ਨਿੱਜੀ ਫ਼ਰਮਾਂ ਵਲੋਂ ਮਰਿਆਦਾ ਤੋਂ ਉਲਟ ਕੰਟੇਨਰਾਂ ਰਾਹੀਂ ਪਾਵਨ ਸਰੂਪ ਵਿਦੇਸ਼ ਭੇਜਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਕੰਟੇਨਰਾਂ ਰਾਹੀਂ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਆਖਿਆ ਕਿ ਮਰਿਆਦਾ ਅਨੁਸਾਰ ਚਾਰਟਰਡ ਜਹਾਜ਼ਾਂ ਰਾਹੀਂ ਹੀ ਪਾਵਨ ਸਰੂਪ ਵਿਦੇਸ਼ਾਂ ਵਿਚ ਭੇਜੇ ਜਾ ਸਕਦੇ ਹਨ, ਪਰ ਇਸ ਸਬੰਧੀ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਕਰਨ ਤੋਂ
ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਮਰਿਆਦਾ ਕਾਰਨ ਹੀ ਪਿਛਲੇ ਕੁਝ ਸਮੇਂ ਤੋਂ ਪਾਵਨ ਸਰੂਪ ਵਿਦੇਸ਼ਾਂ ਵਿਚ ਨਹੀਂ ਭੇਜੇ ਜਾ ਸਕੇ। ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮਰਿਆਦਾ ਦਾ ਖਿਆਲ ਰੱਖਦਿਆਂ ਵਿਦੇਸ਼ਾਂ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸ਼ੁਰੂ ਕਰਨ ਲਈ ਤਿਆਰ ਹੈ, ਬਸ਼ਰਤੇ ਉਥੋਂ ਦੇ ਸਿੱਖ ਪ੍ਰਿੰਟਿੰਗ ਪ੍ਰੈਸ ਤੇ ਹੋਰ ਢਾਂਚਾ ਮੁਹੱਈਆ ਕਰਵਾਉਣ ਲਈ ਤਿਆਰ ਹੋਣ।
|