|
ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖ਼ਤ ਦਾ ਕੰਮ ਠੱਪ ਹੋਇਆ |
|
|
|
Saturday, 13 February 2010 |
|
ਤੱਥ ਖੋਜ ਕਮੇਟੀ ਦੇ ਮੁਖੀ ਕੰਗ ਵਲੋਂ ਜ਼ਿੰਮੇਵਾਰੀ ਤੋਂ ਲਾਂਭੇ ਹੋਣ ਦਾ ਫ਼ੈਸਲਾ
ਚੰਡੀਗੜ੍ਹ:- ਪੰਜਾਬ 'ਚ ਅੱਤਵਾਦ ਦੇ ਦੌਰ ਸਮੇਂ ਪੁਲਿਸ ਵਲੋਂ ਅਣਪਛਾਤੀਆਂ ਕਰਾਰ ਦਿੱਤੀਆਂ ਲਾਸ਼ਾਂ ਦੀ ਪਛਾਣ ਦਾ ਕੰਮ ਰੁਕ ਗਿਆ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਲਈ ਗਠਿਤ ਤੱਥ ਖੋਜ ਕਮੇਟੀ ਦੇ ਮੁਖੀ ਰਵਨੀਤ ਸਿੰਘ ਕੰਗ ਆਪਣੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਗਏ ਹਨ। ਸ੍ਰੀ ਕੰਗ ਨੇ ਕਮੇਟੀ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣ ਲਈ ਗ੍ਰਹਿ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ। ਇਸਦੇ ਨਾਲ ਹੀ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।
ਪੰਜਾਬ 'ਚ ਅੱਤਵਾਦ ਦੌਰਾਨ ਅਣਪਛਾਤੀਆਂ ਲਾਸ਼ਾਂ ਕਹਿ ਕੇ ਪੁਲਿਸ ਵਲੋਂ ਸਾੜੇ ਗਏ ਲੋਕਾਂ ਦੀ ਪਛਾਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਵਿੱਤ ਕਮਿਸ਼ਨਰ ਰਵਨੀਤ ਸਿੰਘ ਕੰਗ ਦੀ ਅਗਵਾਈ 'ਚ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਸੀ। ਜੂਨ 2008 ਵਿਚ ਗਠਿਤ ਕੀਤੀ ਗਈ ਇਸ ਕਮੇਟੀ ਨੂੰ ਆਪਣਾ ਕੰਮ 6 ਮਹੀਨੇ ਅੰਦਰ ਨੇਪਰੇ ਚਾੜਨ ਲਈ ਕਿਹਾ ਸੀ। ਪਰ ਡੇਢ ਸਾਲ ਦੇ ਸਮੇਂ ਅੰਦਰ ਵੀ ਇਹ ਕਮੇਟੀ ਅਣਪਛਾਤੀਆਂ ਲਾਸ਼ਾਂ
ਦੇ ਰਹੱਸ ਤੋਂ ਪਰਦਾ ਨਹੀਂ ਉਠਾ ਸਕੀ।
ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖਤ ਲਈ ਬਣੀ ਤੱਥ ਖੋਜ ਕਮੇਟੀ ਨੇ ਪਿਛਲੇ ਪੰਜ ਮਹੀਨਿਆਂ ਤੋਂ ਕੋਈ ਵੀ ਮੀਟਿੰਗ ਨਹੀਂ ਕੀਤੀ। ਸ੍ਰੀ ਕੰਗ ਤੋਂ ਪਹਿਲਾਂ ਕਮੇਟੀ ਦੇ ਇਕ ਮੈਂਬਰ ਤੇ ਰਿਟਾਇਰਡ ਜੱਜ ਕੇ.ਕੇ. ਗਰਗ ਦੀ ਮੌਤ ਹੋ ਗਈ ਸੀ, ਜਿਸ ਕਾਰਨ ਕਮੇਟੀ ਦਾ ਕੰਮ ਪ੍ਰਭਾਵਿਤ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਦੇ ਕੇਸਾਂ ਦੀ ਪੜਤਾਲ ਨੂੰ ਨਾ ਸਿਰਫ਼ ਲਮਕਾਇਆ ਜਾ ਰਿਹਾ, ਸਗੋਂ ਇਸ 'ਚ ਅਨੇਕਾਂ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਅਜਿਹੇ ਮਾਹੌਲ ਵਿਚ ਅਧਿਕਾਰੀਆਂ ਵਲੋਂ ਇਸ ਨਾਜ਼ੁਕ ਮਾਮਲੇ ਦੀ ਜਾਂਚ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਮੁਆਵਜ਼ੇ ਦੀ ਉਮੀਦ ਲਾਈ ਬੈਠੇ ਸੈਂਕੜੇ ਪੀੜਤ ਪਰਿਵਾਰਾਂ ਦੇ ਪੱਲੇ ਫ਼ਿਲਹਾਲ ਨਿਰਾਸ਼ਾ ਪੈਂਦੀ ਪ੍ਰਤੀਤ ਹੋ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਅਣਪਛਾਤੀਆਂ ਲਾਸ਼ਾਂ ਦੇ ਸਭ ਤੋਂ ਵਧੇਰੇ ਮਾਮਲੇ ਅੰਮ੍ਰਿਤਸਰ ਤੇ ਤਰਤਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹਨ। ਤੱਥ ਖੋਜ ਕਮੇਟੀ ਕੋਲ ਪੰਜਾਬ ਦੇ ਇਕ ਹਜ਼ਾਰ 15 ਪਰਿਵਾਰਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਮਾਰ-ਖਪਾਉਣ ਦਾ ਪੰਜਾਬ ਪੁਲਿਸ 'ਤੇ ਦੋਸ਼ ਲਗਾਇਆ ਸੀ।
|