|
ਤਾਲਿਬਾਨ ਦਾ ਕਹਿਰ : ਹੁਣ ਸਿੱਖ ਵੀ ਪਾਕਿਸਤਾਨ ਤੋਂ ਹਿਜ਼ਰਤ ਕਰਨ ਲੱਗੇ |
|
|
|
Saturday, 13 February 2010 |
ਪਹਿਲਾ ਸਿੱਖ ਪਰਿਵਾਰ ਪਾਕਿਸਤਾਨ ਛੱਡ ਕੇ ਭਾਰਤ ਪੁੱਜਾ
ਅਟਾਰੀ ਸਰਹੱਦ:- ਪਾਕਿਸਤਾਨ ਵਿਚ ਤਾਲਿਬਾਨ ਦੇ ਘੱਟਗਿਣਤੀਆਂ 'ਤੇ ਵੱਧ ਰਹੇ ਜ਼ੁਲਮਾਂ ਤੋਂ ਤੰਗ ਆ ਕੇ ਹਿੰਦੂ ਪਰਿਵਾਰਾਂ ਦੀ ਹਿਜ਼ਰਤ ਤੋਂ ਬਾਅਦ ਸਿੱਖਾਂ ਨੇ ਵੀ ਪਾਕਿਸਤਾਨ ਛੱਡਣ ਦਾ ਮਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਮਝੌਤਾ ਐਕਸਪ੍ਰੈਸ ਰਾਹੀਂ ਹੁਣ ਇਕ ਸਿੱਖ ਪਰਿਵਾਰ ਪਾਕਿਸਤਾਨ ਛੱਡ ਕੇ ਭਾਰਤ ਪੁੱਜਾ ਹੈ। ਇਸ ਪਰਿਵਾਰ ਦੇ ਨਾਲ ਤਿੰਨ ਹਿੰਦੂ ਪਰਿਵਾਰ ਵੀ ਆਏ ਹਨ, ਜੋ ਮੁੜ ਕਦੇ ਵੀ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਅਟਾਰੀ ਰੇਲਵੇ ਸਟੇਸ਼ਨ 'ਤੇ ਪੁੱਜੇ ਪਹਿਲੇ ਸਿੱਖ ਪਰਿਵਾਰ ਦੇ ਮੁਖੀ ਸੋਨਾ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਕੱਟੜਪੰਥੀ ਲੋਕਾਂ ਵਲੋਂ ਹੁਣ ਸਿੱਖਾਂ ਉਤੇ ਵੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਹਿੰਦੂ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ ਸੀ, ਹੁਣ ਤਾਲਿਬਾਨ ਵਰਗੇ ਕੱਟੜ ਸੰਗਠਨਾਂ ਦੇ ਕਾਰਕੁੰਨ ਸਿੱਖਾਂ ਨੂੰ ਵੀ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਹਨ। ਸੋਨਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੀਤਾ ਕੌਰ, ਦੋ ਧੀਆਂ ਅਤੇ ਇਕ ਪੁੱਤਰ ਨੂੰ ਨਾਲ ਲੈ ਕੇ ਪਾਕਿਸਤਾਨ ਨੂੰ ਸਦਾ ਲਈ ਅਲਵਿਦਾ ਕਹਿ ਆਇਆ ਹੈ। ਸੀਤਾ ਸਿੰਘ ਨੇ ਦੱਸਿਆ ਕਿ ਉਹ ਮੁੜ ਕਦੇ ਵੀ ਪਾਕਿਸਤਾਨ ਨਹੀਂ ਜਾਣਗੇ, ਸਗੋਂ ਆਪਣਾ ਘਰ-ਬਾਰ ਵੀ ਛੱਡ ਆਏ ਹਨ। ਉਹ ਫ਼ਿਲਹਾਲ ਫ਼ਰੀਦਾਬਾਦ ਵਿਖੇ ਆਪਣੇ ਸਕੇ ਸਬੰਧੀਆਂ ਕੋਲ ਜਾਣਗੇ।
|