|
ਮੁੰਬਈ ਦੇ ਚੋਣਵੇਂ ਸਿਨੇਮਿਆਂ 'ਚ ਰਿਲੀਜ਼ ਹੋਈ 'ਮਾਈ ਨੇਮ ਇਜ਼ ਖ਼ਾਨ' |
|
|
|
Saturday, 13 February 2010 |
|
ਦਿੱਲੀ ਸਮੇਤ ਦੇਸ਼ ਦੇ ਹੋਰ ਸ਼ਹਿਰਾਂ 'ਚ ਫ਼ਿਲਮ ਨੂੰ ਵੱਡਾ ਹੁੰਗਾਰਾ
ਮੁੰਬਈ:- ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ 'ਮਾਈ ਨੇਮ ਇਜ਼ ਖ਼ਾਨ' ਅੱਜ ਦੇਸ਼ ਭਰ 'ਚ ਸ਼ਾਂਤੀਪੂਰਨ ਢੰਗ ਨਾਲ ਰਿਲੀਜ਼ ਹੋ ਗਈ, ਜਦੋਂਕਿ ਸ਼ਿਵ ਸੈਨਾ ਦੇ ਜ਼ਬਰਦਸਤ ਰੋਹ ਨੂੰ ਦੇਖਦਿਆਂ ਮੁੰਬਈ ਦੇ ਕੁਝ ਚੋਣਵੇਂ ਸਿਨੇਮਾ ਘਰਾਂ 'ਚ ਹੀ ਫ਼ਿਲਮ ਚਲਾਈ ਗਈ। ਗੁਜਰਾਤ 'ਚ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਪ੍ਰਦਰਸ਼ਨ ਤੇ ਭੰਨਤੋੜ ਦੇ ਮੱਦੇਨਜ਼ਰ ਫ਼ਿਲਮ ਦੇ ਕੁਝ ਸ਼ੁਰੂਆਤੀ ਸ਼ੋਅ ਪ੍ਰਭਾਵਿਤ ਹੋਏ, ਪਰ ਦਿੱਲੀ, ਬੰਗਲੋਰ, ਕਲਕੱਤਾ ਤੇ ਚੇਨਈ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ 'ਚ ਫ਼ਿਲਮ ਦੀ ਸ਼ੁਰੂਆਤ ਹਾਊਸਫੁੱਲ ਨਾਲ ਹੋਈ। ਮੁੰਬਈ 'ਚ 10 ਮਲਟੀਪਲੈਕਸ ਮਾਲਕਾਂ ਨੇ ਫ਼ਿਲਮ ਦਿਖਾਉਣ ਦਾ ਫ਼ੈਸਲਾ ਕੀਤਾ, ਜਦੋਂਕਿ ਇਕੱਲੇ ਪਰਦੇ ਵਾਲੇ ਸਿਨੇਮਾ ਮਾਲਿਕਾਂ ਨੇ ਫ਼ਿਲਮ ਦੇ ਸ਼ੋਅ ਕੁਝ ਸਮੇਂ ਲਈ ਟਾਲਣ ਦਾ ਫ਼ੈਸਲਾ ਕੀਤਾ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਿਲੀਜ਼ ਹੋਈ ਕਿੰਗ ਖ਼ਾਨ ਦੀ ਨਵੀਂ ਫ਼ਿਲਮ ਦੇ ਪਹਿਲੇ ਸ਼ੋਅ ਨੂੰ ਦੇਖਣ ਲਈ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਵੀ ਪਹੁੰਚੇ। ਯਾਦ ਰਹੇ ਕਿ ਪਾਕਿਸਤਾਨੀ ਖਿਡਾਰੀਆਂ ਦੀ ਤਰਫ਼ਦਾਰੀ ਕਰਕੇ ਸ਼ਿਵ ਸੈਨਾ ਨੇ ਸ਼ਾਹਰੁਖ ਖ਼ਾਨ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ ਅਤੇ ਮੁਆਫ਼ੀ ਨਾ ਮੰਗਣ ਦੀ ਹਾਲਤ 'ਚ ਉਸਦੀ ਨਵੀਂ ਫ਼ਿਲਮ 'ਮਾਈ ਨੇਮ ਇਜ਼ ਖ਼ਾਨ' ਨੂੰ
ਮੁੰਬਈ 'ਚ ਚੱਲਣ ਨਾ ਦੇਣ ਦੀ ਧਮਕੀ ਦਿੱਤੀ ਸੀ। ਫ਼ਿਲਮ ਰਿਲੀਜ਼ ਹੋਣ ਤੋਂ ਕਈ ਦਿਨ ਪਹਿਲਾਂ ਹੀ ਸ਼ਿਵ ਸੈਨਾ ਹਿੰਸਕ ਤੇਵਰਾਂ 'ਚ ਆ ਗਈ ਸੀ, ਜਿਸ ਕਰਕੇ ਮਹਾਰਾਸ਼ਟਰ ਪੁਲਿਸ ਨੇ ਸ਼ਿਵ ਸੈਨਾ ਦੇ ਇਕ ਹਜ਼ਾਰ ਤੋਂ ਵਧੇਰੇ ਕਾਰਕੁੰਨਾਂ ਨੂੰ ਹਿਰਾਸਤ 'ਚ ਲੈ ਲਿਆ ਸੀ।
|