|
|
|
Home
|
ਉਪ ਮੁੱਖ ਮੰਤਰੀ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਸਰਵੇਖਣ ਦੇ ਹੁਕਮ, 15 ਦਿਨਾਂ 'ਚ ਰਿਪੋਰਟ ਮੰਗੀ |
|
|
|
Monday, 12 July 2010 |
ਚੰਡੀਗੜ੍ਹ,ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਾਲੀਆ ਹੜ੍ਹਾਂ ਦੌਰਾਨ ਰਾਜ ਦੇ 7 ਜ਼ਿਲ੍ਹਿਆਂ ਵਿੱਚ ਬਿਜਲੀ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਸਮੇਤ ਸਰਕਾਰੀ ਸੰਪਤੀ ਨੂੰ ਪਹੁੰਚੇ ਨੁਕਸਾਨ ਦਾ ਵਿਆਪਕ ਸਰਵੇਖਣ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਦੌਰਾਨ ਅੱਜ ਸਾਗਰ ਪਾੜਾ, ਮਾਰਕੰਡਾ ਅਤੇ ਘੱਗਰ ਵਿੱਚ ਪਏ ਨਵੇਂ 26 ਪਾੜਾਂ ਕਾਰਨ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਹਲਕੇ ਦਾ ਵੱਡਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜ ਦੇ ਸਿੰਚਾਈ ਵਿਭਾਗ ਵਲੋਂ ਦਿਨ ਰਾਤ ਕੀਤੇ ਜਾ ਰਹੇ ਕੰਮ ਸਦਕਾ ਘੱਗਰ ਦੇ 33 ਪਾੜਾਂ ਵਿਚੋਂ 14 ਨੂੰ ਪੂਰੀ ਤਰ੍ਹਾਂ ਪੂਰ ਦਿੱਤਾ ਗਿਆ ਹੈ ਜਦ ਕਿ 16 ਹੋਰ ਪਾੜ ਅਗਲੇ 24 ਘੰਟਿਆਂ ਦੌਰਾਨ ਪੂਰ ਦਿੱਤੇ ਜਾਣਗੇ। ਅੱਜ ਇੱਥੇ ਰਾਜ ਦੇ ਮੁੱਖ ਸਕੱਤਰ ਸ਼੍ਰੀ ਐਸ.ਸੀ. ਅਗਰਵਾਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ.ਐਸ. ਗੁਰੂ ਨਾਲ ਹੜ੍ਹਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੜ੍ਹ ਪੰਜਾਬ ਸਰਕਾਰ ਲਈ ਚੁਣੌਤੀ ਹਨ ਅਤੇ ਸਾਨੂੰ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਬਹਾਲ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਰਕਾਰ ਦਾ ਪੂਰਾ ਧਿਆਨ ਹੜ੍ਹ ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਅਤੇ ਜਿਉਂ ਹੀ ਪਾਣੀ ਘਟ ਜਾਂਦਾ ਹੈ ਸਰਕਾਰੀ ਤੰਤਰ ਬੁਨਿਆਦੀ ਢਾਂਚੇ ਦੀ ਬਹਾਲੀ ਦੇ ਆਪਣੇ ਮਿਸ਼ਨ ਲਈ ਦਿਨ ਰਾਤ ਇੱਕ ਕਰ ਦੇਵੇਗਾ। ਮੀਟਿੰਗ ਵਿੱਚ ਦੱਸਿਆ ਗਿਆ ਕਿ
ਇਨ੍ਹਾਂ ਹੜ੍ਹਾਂ ਕਾਰਨ ਰਾਜ ਅੰਦਰ 1967 ਕਿਲੋਮੀਟਰ ਸੜਕੀ ਨੈਟਵਰਕ
ਜਾਂ ਤਾਂ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ ਜਾਂ ਫਿਰ ਰੁੜ੍ਹ ਗਿਆ ਹੈ।
ਸ. ਬਾਦਲ ਨੇ ਖੇਤੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਹੜ੍ਹ ਤੋਂ ਪ੍ਰਭਾਵਤ ਕਿਸਾਨਾਂ ਲਈ ਲੋੜੀਂਦੇ ਬੀਜਾਂ ਦਾ ਪ੍ਰਬੰਧ ਕਰਨ ਅਤੇ ਜੇਕਰ ਕੋਈ ਬੀਜ ਵਿਕਰੇਤਾ ਸਥਿਤੀ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਦੇਵੀਗੜ੍ਹ ਵਿਖੇ ਕਈ ਹੋਰਨਾਂ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਦਾਖਲ ਹੋ ਜਾਣ ਨਾਲ ਰਾਜ ਦਾ ਕੁੱਲ 2,53,322 ਏਕੜ ਰਕਬਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ ਰਾਜ ਦੇ 814 ਪਿੰਡ, ਜਿਨ੍ਹਾਂ ਵਿਚੋਂ 283 ਪਟਿਆਲਾ ਦੇ, 200 ਲੁਧਿਆਣਾ ਦੇ, 190 ਫਤਹਿਗੜ੍ਹ ਸਾਹਿਬ ਦੇ, 58 ਰੂਪ ਨਗਰ ਦੇ, 55 ਐਸ.ਏ.ਐਸ. ਨਗਰ ਦੇ ਅਤੇ 28 ਸੰਗਰੂਰ ਜ਼ਿਲ੍ਹੇ ਦੇ ਹਨ, ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਰਾਜ ਦੇ 3-4 ਲੱਖ ਵਿਅਕਤੀ ਪ੍ਰਭਾਵਤ ਹੋਏ ਹਨ।
ਇਸ ਤੋਂ ਇਲਾਵਾ ਪਟਿਆਲਾ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਤਾਜ਼ਾ ਮੀਂਹ ਪੈਣ ਕਾਰਨ ਸਰਕਾਰ ਦੀ ਚਿੰਤਾ ਵਧੀ ਹੈ ਅਤੇ ਘੱਗਰ ਅਤੇ ਭਾਖੜਾ ਮੇਨ ਲਾਇਨ ਦੀ ਬੁਰਜੀ 460 ਨੇੜੇ ਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹਿ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਰੋਹਟੀ ਵਿਖੇ 75 ਮਿਲੀ ਮੀਟਰ, ਪਟਿਆਲਾ ਸ਼ਹਿਰ ਵਿਖੇ 28 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਦੋਂ ਕਿ ਬੂਲ ਵਿਖੇ 70 ਮਿਲੀ ਮੀਟਰ, ਦੋਰਾਹਾ ਵਿਖੇ 63 ਮਿਲੀ ਮੀਟਰ, ਸਿੱਧਵਾਂ ਵਿਖੇ 24 ਮਿਲੀ ਮੀਟਰ, ਨਵਾਂ ਸ਼ਹਿਰ 33 ਮਿਲੀ ਮੀਟਰ ਅਤੇ ਰੋਪੜ 15 ਮਿਲੀ ਮੀਟਰ ਬਾਰਸ਼ ਦਰਜ ਹੋਈ ਹੈ। ਇਸ ਤੋਂ ਇਲਾਵਾ ਭਾਖੜਾ ਡੈਮ ਵਿੱਚ 1553.98 ਫੁੱਟ ਪਾਣੀ ਦਾ ਪੱਧਰ ਪਹੁੰਚ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ 18.84 ਫੁੱਟ ਜ਼ਿਆਦਾ ਹੈ ਅਤੇ ਡੈਮ ਵਿੱਚ ਪਾਣੀ ਦੀ ਆਮਦ 40788 ਕਿਊਸਕ ਹੈ ਜੋ ਪਿਛਲੇ ਸਾਲ 36986 ਸੀ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 20.21 ਫੁੱਟ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਅਤੇ ਡੈਮ ਅੰਦਰ ਪਾਣੀ ਦੀ ਆਮਦ 12253 ਕਿਊਸਕ ਹੈ ਜੋ ਕਿ ਪਿਛਲੇ ਸਾਲ 6009 ਕਿਊਸਕ ਸੀ।
|
Picture's Of Pataila
|